ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਵਰ੍ਹੇ ਦੇ ਜਸ਼ਨਾਂ ਵਿੱਚ ਸ਼ਾਮਲ ਹੁੰਦਿਆਂ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਗੁਰੂ ਨਾਨਕ ਦੇਵ ਜੀ ਚੇਅਰ ਸਥਾਪਤ ਕੀਤੀ ਗਈ ਹੈ। ਇਸ ਚੇਅਰ ਦਾ ਮੁੱਖ ਮੰਤਵ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਬਾਣੀ ਅਤੇ ਸਿੱਖਿਆਵਾਂ ਦਾ ਵਿਗਿਆਨਕ ਨਜ਼ਰੀਏ ਨਾਲ ਅਧਿਐਨ ਕਰਕੇ ਮਨੁੱਖਤਾ ਨੂੰ ਗੁਰੂ ਸਾਹਿਬ ਦੇ ਵਾਤਾਵਰਨ ਸਬੰਧੀ ਪ੍ਰਵਚਨ, "ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ" ਨਾਲ ਜੋੜਨਾ ਹੈ। ਚੇਅਰ ਦਾ ਵਿਸ਼ੇਸ਼ ਉਦੇਸ਼ ਵਾਤਾਵਰਨ ਵਿਚ ਪਏ ਵਿਗਾੜਾਂ ਉਪਰ ਧਿਆਨ ਕੇਂਦਰਿਤ ਕਰਦਿਆਂ, ਇਸ ਨੂੰ ਸੰਸਾਰ ਦੇ ਹਰ ਮਨੁੱਖ ਲਈ ਸ਼ਾਂਤ ਅਤੇ ਸੁਖੀ ਜੀਵਨ ਬਤੀਤ ਕਰਨਯੋਗ ਬਨਾਉਣ ਬਾਰੇ ਅਧਿਐਨ ਕਰਨਾ ਹੈ। ਤਕਨੀਕੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦਰਸ਼ਨ ਸਬੰਧੀ ਜਾਗ੍ਰਿਤ ਕਰਕੇ ਗੁਰਬਾਣੀ ਸਿਧਾਂਤ ਨੂੰ ਸਮਝਾਉਣ ਅਤੇ ਗੁਰਬਾਣੀ ਦੇ ਸਦਾਚਾਰਕ ਪੱਖ ਨਾਲ ਜੋੜਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ।


ਸੰਦੇਸ਼

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ 

ਜਥੇਦਾਰ,
ਸ਼੍ਰੀ ਅਕਾਲ ਤਖਤ ਸਾਹਿਬ,
ਸ਼੍ਰੀ ਅੰਮ੍ਰਿਤਸਰ ਸਾਹਿਬ

Dr. Buta Singh ( VC, MRSPTU, Bathinda)

ਸੰਦੇਸ਼
ਸਾਡੀ ਜ਼ਿੰਦਗੀ ਵਿੱਚ ਬੜਾ ਭਾਗਾਂ ਭਰਿਆ ਅਵਸਰ ਹੈ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਮਨਾਉਣ ਦਾ ਮੌਕਾ ਮਿਲਿਆ। ਇਸ ਸਮੇਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਧੀਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਉਪਰ ਗੁਰੂ ਨਾਨਕ ਦੇਵ ਜੀ ਚੇਅਰ ਸਥਾਪਤ ਹੋਈ ਹੈ ਜਿਸ ਦਾ ਮੁੱਖ ਉਦੇਸ਼ ਉਨ੍ਹਾਂ ਦੇ ਮਹਾਂਵਾਕ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਰੋਸ਼ਨੀ ਵਿਚ ਵਾਤਾਵਰਨ ਦੀ ਸਮੱਸਿਆ ਹੱਲ ਕਰਨ ਲਈ ਅਧਿਐਨ ਕਰਨਾ, ਵਾਤਾਵਰਨ ਪੱਖੀ ਨਵੀਂਆਂ ਤਕਨੀਕਾਂ ਦੀ ਖੋਜ ਕਰਨੀ ਅਤੇ ਆਧੁਨਿਕ ਜੀਵਨ ਜਾਚ ਨੂੰ ਵਾਤਾਵਰਨ ਦੀ ਸ਼ੁੱਧਤਾ ਨਾਲ ਸੁਮੇਲਣਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਗਤ ਗੁਰੂ ਵੀ ਆਖਿਆ ਜਾਂਦਾ ਹੈ ਜਿਸ ਦਾ ਭਾਵ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਕੇਵਲ ਸਿੱਖਾਂ ਲਈ ਹੀ ਨਹੀਂ ਸਗੋਂ ਇਹ ਸਮੁੱਚੇ ਵਿਸ਼ਵ ਲਈ ਅਤੇ ਇਸ ਤੋਂ ਵੀ ਅੱਗੇ ਇਹ ਸਿੱਖਿਆਵਾਂ ਕੇਵਲ ਮਾਨਵ ਤਕ ਸੀਮਤ ਨਾ ਹੋ ਕੇ ਸਮੁੱਚੀ ਮਾਨਵਤਾ ਲਈ ਹਨ। ਸਾਡੀ ਸਿੱਖਿਆ ਸੰਸਥਾ ਮੁੱਖ ਤੌਰ ਤੇ ਤਕਨੀਕੀ ਸਿੱਖਿਆ ਨਾਲ ਸਬੰਧਤ ਹੋਣ ਕਰਕੇ ਇਸ ਦਾ ਮੁੱਖ ਉਦੇਸ਼ ਉਦਯੋਗ ਅਤੇ ਸਮਾਜ ਦੀਆਂ ਜ਼ਰੂਰਤਾਂ ਦੀ ਪੂਰਤੀ ਲਈ ਉੱਚ ਪੇਸ਼ੇਵਰ ਅਤੇ ਨੈਤਿਕ ਆਚਰਣ ਵਾਲੇ, ਕੁਆਲਿਟੀ ਵਾਲੇ ਮਨੁੱਖੀ ਸਰੋਤ ਪ੍ਰਦਾਨ ਕਰਨਾ ਹੈ। ਇਸ ਨੈਤਿਕ ਆਚਰਣ ਲਈ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਵੱਧ ਹੋਰ ਕੁਝ ਨਹੀਂ ਹੋ ਸਕਦਾ। ਮੈਨੂੰ ਪੂਰਨ ਆਸ ਹੈ ਕਿ ਇਸ ਚੇਅਰ ਦੀ ਸਥਾਪਨਾ ਨਾਲ ਤਕਨੀਕੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਵਿੱਚ ਵਾਤਾਵਰਨ ਪ੍ਰਤੀ ਚੇਤਨਾ ਪੈਦਾ ਹੋਵੇਗੀ, ਉਹ ਸਮਾਜ ਦੀ ਤਕਨੀਕੀ ਪ੍ਰਗਤੀ ਨੂੰ ਵਾਤਾਵਰਨ ਦੇ ਪੱਖੀ ਬਣਾਉਣਗੇ ਅਤੇ ਇਸ ਦੇ ਨਾਲ ਹੀ ਇਸ ਚੇਤਨਾ ਨੂੰ ਸਮਾਜ ਵਿਚ ਵੀ ਲੈ ਕੇ ਜਾਣਗੇ। ਇਨ੍ਹਾਂ ਉਦੇਸ਼ਾਂ ਦੀ ਪੂਰਤੀ ਲਈ ਭਵਿੱਖ ਵਿਚ ਇਕ ਪਾਸੇ ਸਿਖਿਆਰਥੀਆਂ, ਅਧਿਆਪਕਾਂ ਅਤੇ ਆਮ ਲੋਕਾਂ ਵਿੱਚ ਗੁਰਬਾਣੀ ਦੀ ਰੋਸ਼ਨੀ ਵਿਚ ਵਾਤਾਵਰਨ ਚੇਤਨਾ ਫੈਲਾਉਣ ਲਈ ਸੈਮੀਨਾਰ, ਕਾਨਫਰੰਸਾਂ ਅਤੇ ਹੋਰ ਸਮਾਗਮਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਸਿਲੇਬਸ ਵਿੱਚ ਵਾਤਾਵਰਨ ਸਬੰਧੀ ਪਾਠ ਸ਼ਾਮਲ ਕੀਤੇ ਜਾਣਗੇ। ਮਾਨਵ ਦਾ ਭਵਿੱਖ ਇਸ ਗੱਲ ਉੱਪਰ ਟਿਕਿਆ ਹੋਇਆ ਹੈ ਕਿ ਅਸੀਂ ਆਪਣੇ ਉਦਯੋਗਿਕ ਵਿਕਾਸ ਨੂੰ ਵਾਤਾਵਰਨ ਪੱਖੀ ਸਰਬੱਤ ਦੇ ਭਲੇ ਹਿੱਤ ਚਿਰਸਥਾਈ ਬਣਾਈਏ। ਇਸ ਲਈ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਬਹੁਤ ਲੋੜ ਹੈ ਜਿਸ ਨਾਲ ਅਸੀਂ ਲਾਲਚੀ ਪ੍ਰਵਿਰਤੀ ਨੂੰ ਤਿਆਗ ਕੇ ਸਰਬੱਤ ਦੇ ਭਲੇ ਵਾਲੇ ਮਾਰਗ ਤੇ ਅੱਗੇ ਵਧੀਏ।

ਡਾ: ਬੂਟਾ ਸਿੰਘ ਸਿੱਧੂ
ਵਾਈਸ ਚਾਂਸਲਰ,
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ,
ਬਠਿੰਡਾ।

Dr. GPS Brar ( Registrar, MRSPTU, Bathinda)

ਸੰਦੇਸ਼
ਵਿਗਿਆਨਕ ਉੱਨਤੀ ਨਾਲ ਮਨੁੱਖੀ ਸੁੱਖ ਸਹੂਲਤਾਂ ਵਿਚ ਬਹੁਤ ਵਾਧਾ ਹੋਇਆ ਹੈ ਪਰ ਆਧੁਨਿਕ ਜੀਵਨ ਜਾਚ ਅਧੀਨ ਪੈਦਾ ਹੋਏ ਸਨਅਤੀ ਵਿਕਾਸ ਨੇ ਵਾਤਾਵਰਣ ਵਿਚ ਬਹੁਤ ਵੱਡੇ ਵਿਗਾੜ ਪੈਦਾ ਕਰ ਦਿੱਤੇ ਹਨ। ਇਹ ਸਭ ਮਨੁੱਖ ਦੀ ਲਾਲਚੀ ਬਿਰਤੀ ਕਾਰਨ ਹੋ ਰਿਹਾ ਹੈ। ਵਿਗਿਆਨ ਦੀ ਉੱਨਤੀ ਨੂੰ ਠੱਲਣ ਦੀ ਬਜਾਏ ਸਾਨੂੰ ਆਪਣੇ ਲਾਲਚ ਨੂੰ ਕਾਬੂ ਕਰਕੇ ਸਰਬੱਤ ਦੇ ਭਲੇ ਦਾ ਸਹਿਜ ਮਾਰਗ ਅਪਨਾਉਣਾ ਹੋਵੇਗਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਸਥਾਪਤ ਹੋਈ ਗੁਰੂ ਨਾਨਕ ਦੇਵ ਜੀ ਚੇਅਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਅਧੀਨ ਵਾਤਾਵਰਣ ਵਿਗਾੜਾਂ ਨੂੰ ਦੂਰ ਕਰਨ ਲਈ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਦੇ ਵਿਦਿਆਰਥੀਆਂ ਸਿੱਖਿਆਰਥੀਆਂ ਲਈ ਹੀ ਮਹੱਤਵਪੂਰਨ ਕਾਰਜ ਨਹੀਂ ਕਰੇਗੀ ਸਗੋਂ ਇਸ ਸਬੰਧੀ ਸਮੁੱਚੇ ਵਾਤਾਵਰਣ ਦੀ ਸ਼ੁੱਧਤਾ ਲਈ ਚੇਤਨਾ ਫੈਲਾਏਗੀ।

ਡਾ: ਗੁਰਿੰਦਰਪਾਲ ਸਿੰਘ ਬਰਾੜ 
ਰਜਿਸਟਰਾਰ
ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ,
ਬਠਿੰਡਾ।

Address

Dabwali Road, Lal Singh Nagar, Bathinda, Punjab 151001


Contacts

Email: gurunanakchair@mrsptu.ac.in


Links
Feedback

Please send us your ideas, bug reports, suggestions! Any feedback would be appreciated.

Build with Mobirise